ਪ੍ਰਸਿੱਧ ਅਦਾਕਾਰਾ ਰਾਣੀ ਮੁਖਰਜੀ / Image - Ministry of Information & Technology
ਹਿੰਦੀ ਸਿਨੇਮਾ ਵਿੱਚ ਬਹੁਤ ਘੱਟ ਅਦਾਕਾਰਾਂ ਨੇ ਉਹ ਸ਼ਾਂਤ ਸਹਿਣਸ਼ੀਲਤਾ ਅਤੇ ਵਿਕਸਤ ਹੁੰਦੀ ਕਲਾ ਦਿਖਾਈ ਹੈ ਜੋ ਰਾਣੀ ਮੁਖਰਜੀ ਨੇ ਦਹਾਕਿਆਂ ਤੋਂ ਪ੍ਰਦਰਸ਼ਿਤ ਕੀਤੀ ਹੈ। ਪ੍ਰਸਿੱਧ ਅਦਾਕਾਰਾ ਨੇ ਫਿਲਮ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ, ਆਪਣੇ ਸਫ਼ਰ ਦੀ ਸ਼ੁਰੂਆਤ ਫਿਲਮ 'ਰਾਜਾ ਕੀ ਆਏਗੀ ਬਾਰਾਤ' ਨਾਲ ਬਹੁਤ ਸਾਧਾਰਨ ਤਰੀਕੇ ਨਾਲ ਕੀਤੀ। ਉਨ੍ਹਾਂ ਨੂੰ ਸਫਲਤਾ ਰਾਤੋ-ਰਾਤ ਨਹੀਂ ਮਿਲੀ, ਸਗੋਂ ਇਹ ਪ੍ਰਦਰਸ਼ਨ-ਅਧਾਰਤ ਭੂਮਿਕਾਵਾਂ ਅਤੇ ਪਰਦੇ 'ਤੇ ਇੱਕ ਵਿਲੱਖਣ ਮੌਜੂਦਗੀ ਰਾਹੀਂ ਹੌਲੀ-ਹੌਲੀ ਬਣੀ।
ਜਿਸ ਦੌਰ ਵਿੱਚ ਗਲੈਮਰ ਅਕਸਰ ਕਲਾ 'ਤੇ ਭਾਰੀ ਪੈਂਦਾ ਸੀ, ਰਾਣੀ ਨੇ ਭਾਵਨਾਤਮਕ ਕਿਰਦਾਰਾਂ ਰਾਹੀਂ ਆਪਣੀ ਵੱਖਰੀ ਜਗ੍ਹਾ ਬਣਾਈ, ਜਿਨ੍ਹਾਂ ਵਿੱਚੋਂ ਫਿਲਮ 'ਬਲੈਕ' ਸਭ ਤੋਂ ਯਾਦਗਾਰ ਹੈ। ਸਾਲਾਂ ਦੌਰਾਨ, ਉਹ 'ਕੁਛ ਕੁਛ ਹੋਤਾ ਹੈ' ਅਤੇ 'ਸਾਥੀਆ' ਵਰਗੇ ਰੋਮਾਂਟਿਕ ਡਰਾਮਿਆਂ ਤੋਂ ਲੈ ਕੇ 'ਤਾ ਰਾ ਰਮ ਪਮ' ਅਤੇ 'ਬਾਬੁਲ' ਵਰਗੇ ਪਰਿਵਾਰਕ ਮਨੋਰੰਜਨ ਤੱਕ ਅਤੇ ਫਿਰ 'ਨੋ ਵਨ ਕਿਲਡ ਜੈਸਿਕਾ', 'ਤਲਾਸ਼' ਅਤੇ ਬੇਹੱਦ ਸਫਲ 'ਮਰਦਾਨੀ' ਵਰਗੀਆਂ ਸਮਾਜਿਕ ਅਤੇ ਦਰਦਨਾਕ ਕਹਾਣੀਆਂ ਵਿੱਚ ਬਹੁਤ ਸਹਿਜਤਾ ਨਾਲ ਢਲ ਗਏ।
ਅੱਜ, ਜਦੋਂ ਕਈ ਅਦਾਕਾਰ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕਰਨ ਲਈ ਸੰਘਰਸ਼ ਕਰਦੇ ਹਨ, ਰਾਣੀ ਪੂਰੇ ਭਰੋਸੇ ਨਾਲ ਅੱਗੇ ਵਧ ਰਹੀ ਹੈ। ਇਸ ਖ਼ਾਸ ਗੱਲਬਾਤ ਵਿੱਚ, ਉਹ ਆਪਣੇ ਸਫ਼ਰ ਅਤੇ ਸਿਨੇਮਾ ਪ੍ਰਤੀ ਆਪਣੇ ਜਜ਼ਬੇ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਇੰਟਰਵਿਊ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ 'ਮਰਦਾਨੀ' ਇੱਕ ਸਫਲ ਫੀਮੇਲ-ਲੈੱਡ (ਮਹਿਲਾ ਪ੍ਰਧਾਨ) ਫ੍ਰੈਂਚਾਇਜ਼ੀ ਰਹੀ ਹੈ। ਤੁਸੀਂ ਇਸ ਦੇ ਚਿਹਰੇ ਵਜੋਂ ਕਿੰਨੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ? ਤਾਂ ਰਾਣੀ ਮੁਖਰਜੀ ਨੇ ਜਵਾਬ ਦਿੱਤਾ ਕਿ ਮੈਨੂੰ ਲੱਗਦਾ ਹੈ ਕਿ 'ਮਰਦਾਨੀ' ਨੂੰ ਸਿਰਫ਼ ਮਹਿਲਾ ਫ੍ਰੈਂਚਾਇਜ਼ੀ ਕਹਿਣਾ ਗਲਤ ਹੋਵੇਗਾ। ਫਿਲਮ ਦੀ ਸਿਰਫ਼ ਇੱਕ ਹੀ ਪਰਿਭਾਸ਼ਾ ਹੁੰਦੀ ਹੈ: ਜਾਂ ਤਾਂ ਉਹ ਚੰਗੀ ਹੁੰਦੀ ਹੈ ਜਾਂ ਔਸਤ। ਜਿੱਥੋਂ ਤੱਕ ਜ਼ਿੰਮੇਵਾਰੀ ਦਾ ਸਵਾਲ ਹੈ, ਇੱਕ ਮਹਿਲਾ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਣੀ ਬਹੁਤ ਚੁਣੌਤੀਪੂਰਨ ਹੈ। ਇਹ ਫਿਲਮ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਮਹਿਲਾ ਅਫ਼ਸਰ ਵੀ ਓਨੀ ਹੀ ਸਖ਼ਤ ਮਿਹਨਤ ਅਤੇ ਤਾਕਤ ਨਾਲ ਉਸ ਮੁਕਾਮ 'ਤੇ ਪਹੁੰਚਦੀਆਂ ਹਨ ਜਿੰਨੇ ਕਿ ਪੁਰਸ਼ ਅਫ਼ਸਰ।
ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ਿਵਾਨੀ ਦੇ ਕਿਰਦਾਰ ਵਿੱਚ ਆਉਣ ਲਈ ਕੀ ਤੁਸੀਂ ਪਿਛਲੀਆਂ ਫਿਲਮਾਂ ਦੁਬਾਰਾ ਦੇਖੀਆਂ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਅਸੀਂ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰਦੇ ਹਾਂ। ਸਾਡੇ ਸਰੀਰ ਵਿੱਚ ਹਾਰਮੋਨਲ ਅਤੇ ਭਾਵਨਾਤਮਕ ਬਦਲਾਅ ਆਉਂਦੇ ਹਨ। ਇਹ ਪਹਿਲੂ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਸ਼ਿਵਾਨੀ ਆਪਣੇ ਅਹੁਦੇ ਦੇ ਨਾਲ-ਨਾਲ ਵੱਡੀ ਹੋਈ ਹੈ। ਉਸਦੀ ਹਿੰਮਤ ਉਹੀ ਹੈ, ਪਰ ਕਹਾਣੀ ਦੇ ਨਾਲ ਉਸਦਾ ਪ੍ਰਦਰਸ਼ਨ ਵੀ ਬਦਲਦਾ ਹੈ।
ਰਾਣੀ ਨੂੰ ਜਦੋਂ ਪੁੱਛਿਆ ਗਿਆ ਕਿ ਇੱਕ ਮਾਂ ਹੋਣ ਦੇ ਨਾਤੇ, ਕੀ ਤੁਸੀਂ ਆਪਣੀ ਬੇਟੀ ਆਦਿਰਾ ਬਾਰੇ ਚਿੰਤਤ ਰਹਿੰਦੇ ਹੋ? ਤਾਂ ਉਨ੍ਹਾਂ ਕਿਹਾ ਕਿ ਇੱਕ ਮਾਂ ਹਮੇਸ਼ਾ ਮਾਂ ਹੀ ਰਹਿੰਦੀ ਹੈ। ਜਦੋਂ ਬੱਚਾ ਵੱਡਾ ਹੋ ਕੇ ਸਕੂਲ ਜਾਣ ਲੱਗਦਾ ਹੈ, ਤਾਂ ਉਹ ਕਈ ਘੰਟੇ ਸਾਥੋਂ ਦੂਰ ਰਹਿੰਦਾ ਹੈ। ਅਜਿਹਾ ਲੱਗਦਾ ਹੈ ਜਿਵੇਂ ਤੁਹਾਡੇ ਦਿਲ ਦਾ ਇੱਕ ਟੁਕੜਾ ਤੁਹਾਡੇ ਤੋਂ ਦੂਰ ਚਲਾ ਗਿਆ ਹੋਵੇ। ਉਹ ਚਿੰਤਾ ਅਤੇ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਮੈਨੂੰ ਲੱਗਦਾ ਹੈ ਕਿ ਹਰ ਮਾਤਾ-ਪਿਤਾ ਇਸ ਪੜਾਅ ਵਿੱਚੋਂ ਗੁਜ਼ਰਦੇ ਹਨ।
ਫਿਰ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕੀ ਇਸ ਮੁਕਾਮ 'ਤੇ ਤੁਸੀਂ ਬਾਕਸ ਆਫਿਸ ਦਾ ਦਬਾਅ ਮਹਿਸੂਸ ਕਰਦੇ ਹੋ? ਤਾਂ ਰਾਣੀ ਨੇ ਕਿਹਾ ਕਿ ਕੋਈ ਵੀ ਅਦਾਕਾਰ ਬਾਕਸ ਆਫਿਸ ਤੋਂ ਬਚ ਨਹੀਂ ਸਕਦਾ। ਇਹ ਸਿਰਫ਼ ਪੈਸੇ ਦੀ ਗੱਲ ਨਹੀਂ ਹੈ, ਸਗੋਂ ਇਸ ਗੱਲ ਦੀ ਹੈ ਕਿ ਕਿੰਨੇ ਲੋਕਾਂ ਨੇ ਤੁਹਾਡਾ ਕੰਮ ਦੇਖਿਆ ਹੈ। ਬਾਕਸ ਆਫਿਸ ਅਦਾਕਾਰਾਂ ਨੂੰ ਆਪਣਾ ਸਰਵੋਤਮ ਦੇਣ ਲਈ ਉਤਸ਼ਾਹਿਤ ਕਰਦਾ ਹੈ।
ਆਪਣੀ ਪਹਿਲੀ ਫਿਲਮ 'ਰਾਜਾ ਕੀ ਆਏਗੀ ਬਾਰਾਤ' ਦੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਾਰੇ ਸਵਾਲ ‘ਤੇ ਰਾਣੀ ਨੇ ਜਵਾਬ ਦਿੱਤਾ ਕਿ ਮੇਰਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਮੈਂ ਫਿਲਮਾਂ ਵਿੱਚ ਆਵਾਂ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਵਿਆਹ ਕਰਵਾ ਲਵਾਂ ਅਤੇ ਮੇਰੀ ਮਾਂ ਮੇਰੇ ਆਡੀਸ਼ਨ ਦੇ ਖ਼ਿਲਾਫ਼ ਸੀ। ਮੈਂ ਇਹ ਫਿਲਮ ਸਿਰਫ਼ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਕੀਤੀ ਸੀ। ਸ਼ੁਰੂ ਵਿੱਚ ਮੈਂ ਸਿਰਫ਼ ਪੈਸਿਆਂ ਲਈ ਕੰਮ ਕੀਤਾ, ਪਰ ਹੌਲੀ-ਹੌਲੀ ਅਦਾਕਾਰੀ ਮੇਰਾ ਜਜ਼ਬਾ ਬਣ ਗਈ।
ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ 30 ਸਾਲਾਂ ਦੇ ਸਫ਼ਰ ਦਾ ਸਭ ਤੋਂ ਵੱਡਾ ਇਨਾਮ ਕੀ ਰਿਹਾ ਹੈ? ਇਸ ‘ਤੇ ਰਾਣੀ ਨੇ ਉੱਤਰ ਦਿੱਤਾ ਕਿ ਮੇਰਾ ਪਰਿਵਾਰ ਅਤੇ ਮੇਰੇ ਦਰਸ਼ਕ। ਮੇਰੇ ਦਰਸ਼ਕਾਂ ਨੇ ਇੰਨੇ ਸਾਲਾਂ ਤੱਕ ਮੇਰਾ ਸਾਥ ਦਿੱਤਾ ਹੈ, ਇਹ ਬਹੁਤ ਵੱਡਾ ਇਨਾਮ ਹੈ। ਇਸ ਤੋਂ ਇਲਾਵਾ, ਮੇਰੀਆਂ ਫਿਲਮਾਂ ਰਾਹੀਂ ਦੁਨੀਆ ਭਰ ਦੇ ਲੋਕ ਦੇਖ ਸਕਦੇ ਹਨ ਕਿ ਭਾਰਤੀ ਔਰਤਾਂ ਕਿੰਨੀਆਂ ਮਜ਼ਬੂਤ ਹਨ।
ਕਰੀਅਰ ਵਿੱਚ ਕੋਈ ਨਿਰਾਸ਼ਾਜਨਕ ਸਮਾਂ ਆਉਣ ਦੇ ਸਵਾਲ ‘ਤੇ ਰਾਣੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਹੁਤ ਵਾਰ, ਮੇਰਾ ਕਰੀਅਰ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਫਿਲਮ 'ਗੁਲਾਮ' ਵਿੱਚ ਮੇਰੀ ਆਵਾਜ਼ ਨੂੰ ਡਬ ਕੀਤਾ ਗਿਆ ਸੀ, ਉਸ ਰਿਜੈਕਸ਼ਨ ਦਾ ਸਾਹਮਣਾ ਕਰਨਾ ਸੌਖਾ ਨਹੀਂ ਸੀ। ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਨੂੰ 'ਬਲੈਕ' ਲਈ ਨੈਸ਼ਨਲ ਐਵਾਰਡ ਨਹੀਂ ਮਿਲਿਆ। ਪਰ ਹਰ ਨਾਕਾਮੀ ਨੇ ਮੈਨੂੰ ਹੋਰ ਮਿਹਨਤ ਕਰਨੀ ਸਿਖਾਈ ਅਤੇ ਆਖਰਕਾਰ ਮੈਂ ਨੈਸ਼ਨਲ ਐਵਾਰਡ ਜਿੱਤਿਆ।
ਰਾਣੀ ਲਈ ਸਟਾਰਡਮ ਦਰਸ਼ਕਾਂ ਦਾ ਪਿਆਰ ਹੈ—ਜਦੋਂ ਲੋਕ ਤੁਹਾਡੇ ਡਾਇਲਾਗਸ 'ਤੇ ਤਾੜੀਆਂ ਵਜਾਉਂਦੇ ਹਨ ਜਾਂ ਭਾਵਨਾਤਮਕ ਦ੍ਰਿਸ਼ਾਂ ਦੌਰਾਨ ਰੌਂਦੇ ਹਨ। ਫਿਲਹਾਲ ਉਹ ਆਪਣੀ ਬੇਟੀ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਾਰਨ ਨਿਰਦੇਸ਼ਨ ਬਾਰੇ ਨਹੀਂ ਸੋਚ ਰਹੇ, ਪਰ ਭਵਿੱਖ ਵਿੱਚ ਇਸ 'ਤੇ ਵਿਚਾਰ ਕਰ ਸਕਦੇ ਹਨ। ਆਦਿਰਾ ਰਾਣੀ ਦੀਆਂ ਜ਼ਿਆਦਾਤਰ ਫਿਲਮਾਂ ਨਹੀਂ ਦੇਖਦੀ ਕਿਉਂਕਿ ਉਹ ਬਹੁਤ ਭਾਵੁਕ ਹੁੰਦੀਆਂ ਹਨ। ਉਸਨੇ ਸਿਰਫ਼ 'ਬੰਟੀ ਔਰ ਬਬਲੀ' ਅਤੇ 'ਥੋੜਾ ਪਿਆਰ ਥੋੜਾ ਮੈਜਿਕ' ਵਰਗੀਆਂ ਹਲਕੀਆਂ-ਫੁਲਕੀਆਂ ਫਿਲਮਾਂ ਹੀ ਦੇਖੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login